ਬੇਸ਼ੁਮਾਰ ਦੌਲਤ ਦਾ ਮਾਲਕੀ, ਪੈਦਲ ਤੁਰਨ ਵਾਲੇ ਜ਼ਮਾਨਿਆਂ ਵਿਚ ਉਹਨਾ ਕੋਲ ਨਸਲ ਦੀਆਂ ਘੋੜੀਆਂ ਹੁੰਦੀਆਂ ਸਨ

ਰਿਸ਼ਤੇਦਾਰੀ ਚੋਂ ਇੱਕ ਦੂਰ ਦੀ ਮਾਸੀ ਹੁੰਦੀ ਸੀ, ਚੰਗੇ ਤਕੜੇ ਘਰ ਵਿਆਹੀ ਸੀ, ਮਾਸੜ ਦੀ ਕਰੀਬ ਡੇਢ ਦੋ ਮੁਰੱਬੇ ਸ਼ਹਿਰੀ ਜਮੀਨ ਅਤੇ ਹੋਰ ਬੇਸ਼ੁਮਾਰ ਦੌਲਤ ਦਾ ਮਾਲਕੀ ਦੱਸਦੇ ਨੇ ਕੇ ਪੈਦਲ ਤੁਰਨ ਵਾਲੇ ਜ਼ਮਾਨਿਆਂ ਵਿਚ ਪਰਿਵਾਰ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੁੰਦੀਆਂ ਸਨ! ਫੇਰ ਸਾਈਕਲਾਂ ਵਾਲੇ ਦੌਰ ਵਿਚ ਇਹਨਾਂ ਕੋਲ ਨਵੇਂ ਨਕੋਰ ਰਾਜਦੂਤ ਵਾਲੇ ਬੰਬੂਕਾਟ ਆ ਗਏ। ਮਗਰੋਂ ਜਦੋਂ ਕਾਰਾਂ ਦੇ ਜਮਾਨੇ ਆਏ ਤਾਂ ਕੀਮਤਾਂ ਵਾਲੀ ਦੌੜ ਲੱਗ ਗਈ।

ਬਾਕੀ ਹਮਾਤੜ ਤਾਂ ਮਸੀਂ ਡੂਢ ਲੱਖ ਵਾਲੀ ਵਿਚ ਆਇਆ ਕਰਨ ਤੇ ਇਹਨਾਂ ਥੱਲੇ ਵਰਦੀ ਵਾਲੇ ਡਰਾਈਵਰ ਵਾਲੀ ਬਾਰਾਂ ਪੰਦਰਾਂ ਲੱਖ ਵਾਲੀ ਹੁੰਦੀ। ਵਿਆਹਵਾਂ ਠਾਕਿਆਂ ਤੇ ਜੇ ਕਿਤੇ ਸਪੈਸ਼ਲ ਆਓ-ਭਗਤ ਨਾ ਮਿਲਦੀ ਤਾਂ ਵੱਡਾ ਮਸਲਾ ਖੜਾ ਹੋ ਜਾਂਦਾ। ਟਰੇਆਂ ਫੜ ਆਪਣੇ ਆਸ ਪਾਸ ਫਿਰਦੇ ਬਹਿਰੇ ਇਹਨਾਂ ਨੂੰ ਬੜਾ ਅਨੰਦ ਦਿੰਦੇ। ਹਰ ਸ਼ਗਨ, ਮਰਗ, ਜੰਮਣੇ ਮਰਨੇ ਭੋਗ-ਇਕੱਠ ਤੇ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਹੀ ਜਿਕਰ ਹੋਣਾ ਜਰੂਰੀ ਹੁੰਦਾ ਸੀ! ਓਹਨਾ ਵੱਲੋਂ ਕਿਸੇ ਨੂੰ ਕੱਢੀ ਗਈ ਗਾਲ ਵੀ ਮਜਾਕ ਦੇ ਤੌਰ ਤੇ ਲੈ ਲਈ ਜਾਂਦੀ ਤੇ ਓਹਨਾ ਨੂੰ ਕਿਸੇ ਵੱਲੋਂ ਕੀਤਾ ਮਜਾਕ ਵੀ ਕਈ ਵਾਰ ਗਾਹਲ ਬਣ ਕੇ ਅਗਲੇ ਦੇ ਪੇਸ਼ ਪੈ ਜਾਂਦਾ!

ਬਹੁਤੇ ਪਰਵਾਰਿਕ ਮਸਲਿਆਂ ਵਿਚ ਓਹਨਾ ਦੀ ਸੁਪੋਰਟ ਜਿਸ ਧਿਰ ਵੱਲ ਹੋ ਜਾਂਦੀ ਉਸਨੂੰ ਕਚਹਿਰੀ ਵਿਚ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾ ਚੜ ਜਾਂਦਾ। ਕਈ ਕਦੀ ਕਈ ਜਾਗਦੀ ਜਮੀਰ ਵਾਲੇ ਓਹਨਾ ਨੂੰ ਮੂੰਹ ਤੇ ਗੱਲ ਕਰਨ ਦੀ ਜੁੱਰਤ ਵੀ ਰੱਖਦੇ ਸਨ ਪਰ ਪਰਿਵਾਰਿਕ ਪਾਲੀਟਿਕਸ ਦਾ ਮਾਹਿਰ ਮਾਸੜ ਹਮੇਸ਼ਾਂ ਆਪਣੇ ਇਸ ਤਰਾਂ ਦੇ ਵਿਰੋਧੀਆਂ ਨੂੰ ਦੂਜਿਆਂ ਨਾਲੋਂ ਤੋੜ-ਵਿਛੋੜ ਕੇ ਕੱਲਾ ਕਾਰਾ ਪਾ ਦਿੰਦਾ ਗੱਲ ਕੀ ਬੀ ਹਰ ਪਾਸੇ ਚੰਮ ਦੀਆਂ ਚੱਲਦੀਆਂ ਸਨ। ਪਰ ਸੁਣਿਆ ਕੇ ਮੁਰੱਬਿਆਂ ਵਾਲਾ ਮਾਸੜ ਅੱਜ-ਕੱਲ ਬੜਾ ਉਦਾਸ ਰਹਿੰਦਾ ਹੈ ਤੇ ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਘੜੀਆਂ ਕੱਢ ਰਿਹਾ! ਨਾਲਦੀ ਕੈਂਸਰ ਨਾਲ ਜੂਝਦੀ ਤੁਰ ਗਈ ਤੇ ਨੂਹਾਂ ਨਾਲ ਬਣਦੀ ਨੀ।

ਮੁੰਡਿਆਂ ਦਾ ਵੀ ਆਪਸ ਵਿਚ ਬੋਲਚਾਲ ਬੰਦ ਹੈ ਉਹ ਅਕਸਰ ਹੀ ਆਖ਼ ਦਿੰਦੇ ਕੇ ਭਾਪਾ ਜੇ ਸਾਡੇ ਕੋਲ ਬਾਹਰ ਆਉਣਾ ਈ ਤਾਂ ਮੁੱਰਬੇ ਵੇਚ ਕੇ ਵੰਡ ਵਡਾਈ ਕਰ ਕੇ ਆਵੀਂ ਪਹਿਲਾਂ, ਅਗਲਾ ਸੋਚਦਾ ਬੀ ਜੇ ਰਹਿੰਦੀ-ਖੂੰਹਦੀ ਵੀ ਔਲਾਦ ਦੇ ਨਾਮ ਲੁਆ ਤੀ ਤਾਂ ਜਿਹੜੀ ਮਾੜੀ ਮੋਟੀ ਪੁੱਛਗਿੱਛ ਹੁੰਦੀ ਏ ਉਸਤੋਂ ਵੀ ਨਾ ਜਾਂਦਾ ਰਹਾਂ। ਹੁਣ ਦੱਸਦੇ ਨੇ ਕੇ ਕਦੀ ਕਦਾਈਂ ਡੰਗੋਰੀ ਫੜ ਮੁਰੱਬਿਆਂ ਵੱਲ ਦੀ ਗੇੜਾ ਮਾਰ ਆਉਂਦਾ ਪਰ ਹੁਣ ਮੁਰੱਬੇ ਵੀ ਬੇਗਾਨੇ ਬੇਗਾਨੇ ਜਿਹੇ ਲੱਗਦੇ ਨੇ। ਪਛਾਣਦੇ ਹੀ ਨਹੀਂ, ਟਿੱਚਰਾਂ ਕਰਦੇ ਹੋਏ ਇਹ ਆਖਦੇ ਜਾਪਦੇ ਕੇ ਭੋਲਿਆ ਤੇਰੇ ਵਰਗੇ ਕਈ ਆਏ ਤੇ ਪਤਾ ਈ ਨੀ ਲੱਗਾ ਕਦੋਂ ਚਲੇ ਗਏ!

ਹੁਣ ਜੰਮਦਿਆਂ ਹੀ ਫੀਮ ਚਟਾ ਕੇ ਮੁਕਾ ਦਿੱਤੀਆਂ ਬੜੀਆਂ ਹੀ ਚੇਤੇ ਆਉਂਦੀਆਂ, ਸੋਚਦਾ ਏ ਕੇ ਜੇ ਕਿਤੇ ਇੱਕ ਹੀ ਜਿਉਂਦੀ ਬਚਾ ਕੇ ਰੱਖ ਲਈ ਹੁੰਦੀ ਤਾਂ ਅੱਜ ਉਸਦੇ ਨਾਲ ਦੁੱਖ ਸੁਖ ਫੋਲ ਲਿਆ ਕਰਦਾ! ਸੋ ਦੋਸਤੋ ਨਾਨੀ ਨਿੱਕੇ ਹੁੰਦਿਆਂ ਸਾਨੂੰ ਖੇਡਦਿਆਂ ਅਕਸਰ ਹੀ ਆਖਦੀ ਹੁੰਦੀ ਸੀ ਕੇ ਪੁੱਤ ਭੋਏਂ ਤੇ ਹੀ ਖੇਡਿਓ, ਚੁਬਾਰੇ ਤੇ ਨਾ ਚੜਿਓ। ਜੇ ਓਥੋਂ ਹੇਠਾਂ ਭੁੰਝੇ ਡਿੱਗੇ ਤਾਂ ਸੱਟ-ਪੇਟ ਬੜੀ ਭੈੜੀ ਲੱਗੂ, ਹੁਣ ਅਮਝ ਆਈ ਕੇ ਬਿਲਕੁਲ ਸਹੀ ਹੀ ਆਖਿਆ ਕਰਦੀ ਸੀ। ਉਚਾਈ ਤੋਂ ਡਿੱਗੇ ਨੂੰ ਪਾਣੀ ਦਾ ਘੁੱਟ ਅੰਦਰ ਲੰਗਾਉਣਾ ਵੀ ਨਸੀਬ ਨੀ ਹੁੰਦਾ।

ਹਰਪ੍ਰੀਤ ਸਿੰਘ ਜਵੰਦਾ

LEAVE A REPLY