ਪਾਕਿ ਤੋਂ ਰਿਹਾਅ ਹੋਏ ਨੌਜਵਾਨ ਨੂੰ ਭਾਰਤ ਪੁੱਜਣ ‘ਤੇ ਕੀਤਾ ਜੇਲ ‘ਚ ਬੰਦ

ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ‘ਚ ਪੈਂਦੇ ਪਿੰਡ ਜੁਲਾਹ ਮਜਾਰਾ ਦਾ ਇਕ ਮਾਨਸਿਕ ਰੋਗੀ ਨੌਜਵਾਨ, ਜੋ ਭੁਲੇਖੇ ਨਾਲ ਪਾਕਿਸਤਾਨ ਚਲਾ ਗਿਆ ਸੀ, ਜਿਸਨੂੰ 14 ਮਹੀਨਿਆਂ ਬਾਅਦ ਜਦੋਂ ਪਾਕਿਸਤਾਨ ਨੇ ਰਿਹਾਅ ਕਰਕੇ ਪਾਕਿਸਤਾਨੀ ਰੇਂਜਰਾਂ ਰਾਹੀਂ ਅਟਾਰੀ ਸਰਹੱਦ ‘ਤੇ ਨੌਜਵਾਨ ਦੇ ਸ਼ੇਰਵਾਨੀ ਪਾ ਕੇ ਮਠਿਆਈ ਦੀ ਟੋਕਰੀ ਦੇ ਕੇ ਬੜੇ ਸਤਿਕਾਰ ਨਾਲ ਭਾਰਤੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੂੰ ਸੌਂਪਿਆ ਤਾਂ ਉਸਨੂੰ ਮਾਪਿਆਂ ਨੂੰ ਮਿਲਣ ਉਪਰੰਤ ਹੱਥਕੜੀ ਲਾ ਕੇ ਖੇਮਕਰਨ ਜੇਲ ‘ਚ ਬੰਦ ਕਰ ਦਿੱਤਾ। ਜਿਸ ਕਰਕੇ ਉਸ ਨੌਜਵਾਨ ਨੂੰ ਲੈਣ ਗਏ ਪਰਿਵਾਰਕ ਮੈਂਬਰ ਖਾਲੀ ਹੱਥ ਪ੍ਰੇਸ਼ਾਨ ਹੋ ਕੇ ਘਰ ਮੁੜ ਆਏ ਤੇ ਹੁਣ ਉਸਦੀ ਜ਼ਮਾਨਤ ਲਈ ਭੱਜ ਦੌੜ ਕਰ ਰਹੇ ਹਨ।

ਜਾਣਕਾਰੀ ਦਿੰਦਿਆਂ ਨੌਜਵਾਨ ਦੀ ਮਾਤਾ ਅਮਰਜੀਤ ਕੌਰ, ਪਿਤਾ ਰਾਵਲ ਸਿੰਘ ਤੇ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਦੀ ਪਾਕਿਸਤਾਨੀ ਰੇਂਜਰਾਂ ਦੀ ਮਠਿਆਈ ਦੀ ਟੋਕਰੀ ਤੇ ਨੌਜਵਾਨ ਦੀ ਫੋਟੋ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਦਲਵਿੰਦਰ ਸਿੰਘ ਜੋ 2014 ‘ਚ ਦੁਬਈ ਤੋਂ ਆਇਆ ਸੀ, ਉਹ ਮਾਨਸਿਕ ਰੋਗੀ ਬਣ ਚੁੱਕਿਆ ਸੀ, ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਇਕ ਮਨੋਰੋਗ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਜਦੋਂ ਉਸਦੀ ਮਾਤਾ ਹਸਪਤਾਲ ‘ਚ 5 ਮਾਰਚ, 2017 ਨੂੰ ਕੰਟੀਨ ਦਾ ਬਿੱਲ ਆਦਿ ਦੇਣ ਗਈ ਤਾਂ ਨੌਜਵਾਨ ਉਥੋਂ ਭੱਜ ਗਿਆ ਸੀ, ਜਿਸਦੀ ਆਲੇ-ਦੁਆਲੇ ਬਹੁਤ ਭਾਲ ਕੀਤੀ ਗਈ ਤੇ ਪੋਸਟਰ ਛਪਵਾ ਕੇ ਵੀ ਲਗਵਾਏ ਗਏ। ਜਦੋਂ ਇਸ ਸਬੰਧੀ ਬੀ. ਐੱਸ. ਐੱਫ. ਦੇ ਨੋਟਿਸ ‘ਚ ਲਿਆਂਦਾ ਗਿਆ, ਜਿਨ੍ਹਾਂ ਪਾਕਿਸਤਾਨੀ ਰੇਂਜਰਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਪਤਾ ਲੱਗਾ ਕਿ ਦਲਵਿੰਦਰ ਸਿੰਘ ਪਾਕਿਸਤਾਨ ਦੀ ਜੇਲ ‘ਚ ਬੰਦ ਹੋ ਚੁੱਕਾ ਹੈ।

ਬੜੀ ਚਾਰਾਜੋਈ ਕਰਨ ਉਪਰੰਤ ਦਲਵਿੰਦਰ ਸਿੰਘ ਨੂੰ ਪਾਕਿਸਤਾਨ ਵੱਲੋਂ ਰਿਹਾਅ ਕਰ ਦਿੱਤਾ ਗਿਆ ਤੇ ਸ਼ਾਨੋ ਸ਼ੌਕਤ ਨਾਲ ਉਸਨੂੰ ਸ਼ੇਰਵਾਨੀ ਪਹਿਨਾ ਕੇ ਮਠਿਆਈ ਦੀ ਟੋਕਰੀ ਦੇ ਕੇ ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਪਰ ਉਸ ਨੌਜਵਾਨ ਦੇ ਮਾਤਾ-ਪਿਤਾ ਤੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਤੁਹਾਨੂੰ ਨੌਜਵਾਨ 2 ਦਿਨ ਬਾਅਦ ਦਿੱਤਾ ਜਾਵੇਗਾ ਪਰ ਉਸੇ ਵਕਤ ਦਲਵਿੰਦਰ ਦੇ ਹੱਥਕੜੀ ਲਗਾ ਕੇ ਥਾਣਾ ਖੇਮਕਰਨ (ਤਰਨਤਾਰਨ) ਵਿਖੇ ਲਿਜਾ ਕੇ ਉਸ ‘ਤੇ ਮਾਮਲਾ ਦਰਜ ਕਰ ਕੇ ਅਦਾਲਤ ‘ਚ ਪੇਸ਼ ਕਰਨ ਉਪਰੰਤ ਖੇਮਕਰਨ ਦੀ ਜੇਲ ਭੇਜ ਦਿੱਤਾ।

A replica of the Statue of Liberty

ਇਸ ਸਬੰਧੀ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਪੁਲਸ ਦੀ ਗੱਡੀ ‘ਚ 500 ਰੁਪਏ ਦਾ ਤੇਲ ਵੀ ਪੁਆਇਆ ਗਿਆ ਤੇ 2 ਦਿਨ ਰੱਜ ਕੇ ਪ੍ਰੇਸ਼ਾਨ ਕੀਤਾ। ਉਨ੍ਹਾਂ ਦੱਸਿਆ ਕਿ ਮੰਦਬੁੱਧੀ ਨੌਜਵਾਨ ਦੇ ਮਾਪੇ ਬੜੇ ਗਰੀਬ ਹਨ। ਉਹ ਆਪਣੇ ਪੁੱਤਰ ਦੀ ਜ਼ਮਾਨਤ ਲਈ ਨੱਠ-ਭੱਜ ਕਰ ਰਹੇ ਹਨ। ਇਸ ਮਾਮਲੇ ਦੀ ਕਹਾਣੀ ਸੁਣਨ ਵਾਲੇ ਲੋਕ ਹੈਰਾਨ ਹਨ ਕਿ ਪਾਕਿਸਤਾਨ ਨੇ ਭਾਰਤੀ ਨੂੰ ਰਿਹਾਅ ਕਰ ਦਿੱਤਾ, ਭਾਰਤੀ ਫੋਰਸ ਨੇ ਉਸਨੂੰ ਜੇਲ ‘ਚ ਡੱਕ ਦਿੱਤਾ । ਇਸ ਸਬੰਧੀ ਪਰਿਵਾਰਕ ਮੈਂਬਰਾਂ ਨਾਲ ਸਰਹੱਦ ‘ਤੇ ਪੁੱਜੇ ਥਾਣਾ ਰਾਹੋਂ ਤੋਂ ਸੁਰਿੰਦਰ ਪਾਲ ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਨੌਜਵਾਨ ‘ਤੇ ਬੀ. ਐੱਸ. ਐੱਫ. ਦੇ ਕਹਿਣ ‘ਤੇ ਬਿਨਾਂ ਇਜਾਜ਼ਤ ‘ਤੇ ਪਾਸਪੋਰਟ ਦਾ ਮਾਮਲਾ ਦਰਜ ਕਰਕੇ ਜੇਲ ਭੇਜਿਆ ਗਿਆ।

LEAVE A REPLY