ਨੱਤੀਆਂ ਵਾਲਾ ਬਾਬਾ – ਕੱਲੀਆਂ ਖੁਰਾਕਾਂ ਨਹੀ, ਸਿਆਣਪਾਂ, ਦਿਲਦਾਰੀਆਂ ਤੇ ਹਾਸੇ ਵੀ ਉਮਰਾਂ ਲੰਮੀਆਂ ਕਰਦੇ ਸੀ ਬਾਬਿਆਂ ਦੀਆਂ

ਯੂਨੀਵਰਿਸਟੀਆਂ ਚ ਪੜ੍ਹਕੇ, ਦਿੱਲੀ ਦੱਖਣ ਗਾਹ ਕੇ ਜਿਹੜੀ ਦੁਨੀਆਦਾਰੀ ਦਾ ਬੰਦਾ ਭੇਤ ਪਾਉਂਦਾ ਫਿਰਦਾ ਹੁੰਦਾ ਉਹ ਗੱਲਾ ਦੀਆਂ ਡਿਗਰੀਆਂ ਪਿੰਡਾ ਚ ਪੱਲੀਆਂ ਤੇ ਬੈਠੇ ਬਾਬਿਆ ਦੇ ਖੀਸਿਆਂ ਚ ਹੁੰਦੀਆ ਨੇ। ਦੀਨ ਦੁਨੀਆ ਦੀ ਜਿਹੜੀ ਮਰਜੀ ਗੱਲ ਤੋਰ ਕੇ ਦੇਖ ਲਿਓ, ਨਿਚੋੜ ਕੱਢ ਕੇ ਪੰਜਾਂ ਮਿੰਟਾ ਚ ਮੂਹਰੇ ਰੱਖ ਦਿੰਦੇ ਐ।

ਵਰਿਆਮ ਸਿੰਹੁ ਬਾਬੇ ਦੇ ਕੰਨੀ ਨੱਤੀਆਂ ਪਾਈਆ ਹੁੰਦੀਆ ਸੀ। ਜੇ ਕਿਸੇ ਨੇ ਛੇੜਨਾ ਕਿ ਬਾਬਾ ਨੱਤੀਆਂ ਸੌਂਕ ਨੂੰ ਪਵਾਈਆਂ ਨੇ ਜਾਂ ਕੰਨ ਪੜਵਾਏ ਨੇ।ਬਾਬੇ ਨੇ ਕਹਿਣਾ ਜਵਾਨੀ ਆਉਦੀ ਵੀ ਹਰੇਕ ਤੇ ਐ ਅਰ ਬੰਦਾ ਖੁੱਦੋ ਵਾਂਗੂੰ ਉੱਭੜਦਾ ਵੀ ਹਰੇਕ ਐ, ਪਰ ਮਰਦ ਓਹੀ ਹੁੰਦਾ ਜਿਹੜਾ ਥਿੜਕੇ ਨਾ। ਆਹ ਤਾ ਹੁਣ ਦੇ ਛੋਹਰ ਨੇ ਜਿਹੜੇ ਊਈ ਗੱਡੀਆ ਹੇਠਾ ਨੂੰ ਭੱਜ ਲੈਂਦੇ ਐ ਜਾ ਨਹਿਰਾ ਖੂਹਾਂ ਨੂੰ ਸਿੱਧੇ ਹੋ ਲੈਂਦੇ ਐ। ਜੇ ਬੰਦਾ ਵਖਤ ਨਾਲ ਈ ਨਾ ਲੜ ਸਕਿਆ ਫਿਰ ਆਇਆ ਨਾ ਆਇਆ ਇੱਕ ਬਰਾਬਰ ਐ।

ਕਿਸੇ ਨੇ ਕਹਿਣਾ “ਜੇ ਕੋਈ ਛੱਡਜੇ ਤਾ ਸੱਟ ਤਾ ਲਗਦੀ ਓ ਐ” ਬਾਬੇ ਨੇ ਮੋਢੇ ਤੇ ਹੱਥ ਰੱਖ ਕੇ ਕਹਿਣਾ,” ਦੇਖ ਮੱਲਾ ਨਾ ਸਾਰੀਆਂ ਸੁੰਦਰਾ ਕੋਲ ਪੂਰਨ ਹੁੰਦੇ ਐ ਤੇ ਨਾ ਸਾਰੇ ਰਾਝਿਆਂ ਕੋਲ ਹੀਰਾਂ ਫਕੀਰੀ ਤੋ ਬੜਾ ਇਸ਼ਕ ਕੋਈ ਨੀ,

ਰੋੜਾਂ ਚੋ ਰੱਬ ਦਿਸ ਜਾਂਦਾ ਏ, ਚਿੜੀਆ ਦੇ ਚਹਿਕਣ ਚੋ ਮਹਿਬੂਬ ਦੇ ਗੀਤ ਸੁਣਿਆ ਕਰ। ਕਦੇ ਤਾਰਿਆਂ ਤੋ ਸਵਾਲ ਪੁੱਛੀ। ਕਿੱਕਰਾ ਦੇ ਫੁੱਲ ਚੁਗ ਕੇ ਦੇਖੀ। ਇਹ ਜਵਾਨੀ ਵੇਲੇ ਕੀਤੀਆ ਇਸ਼ਕ ਮੁਸ਼ਕ ਦੀਆਂ ਗੱਲਾ ਫਜੂਲ ਲਗਦੀਆਂ ਨੇ। ਤੇਰਾ ਪਿਆਰ ਕਿਸੇ ਖਾਸ ਸਰੀਰ ਜਾਂ ਸ਼ਕਲ ਦਾ ਮੁਹਤਾਜ ਥੋੜੀ ਐ ਉਹ ਤੇ ਤੇਰੇ ਸਾਹਾਂ ਚ ਘੁਲਿਆ ਹੋਇਆ ਏ। ਤੇਰੇ ਆਪਣੇ ਅੰਦਰ ਈ ਕਸਤੂਰੀ ਐ। ਮਹਿਸੂਸ ਕਰ, ਘਾਟ ਰੜਕਣੋ ਹਟ ਜਾਂਦੀ ਐ ਕੁਦਰਤ ਤੋ ਬੜਾ ਨਾ ਕੋਈ ਆਸ਼ਿਕ ਐ ਨਾ ਮਸ਼ੂਕ।”

ਹੇਠਾਂ ਰੱਖੀ ਇੱਟ ਨੂੰ ਸੈੱਟ ਜਿਹੀ ਕਰਕੇ ਉੱਪਰ ਬੈਠਦੇ ਕਿਸੇ ਨੇ ਕਹਿਣਾ “ਗੱਲ ਤਾ ਠੀਕ ਐ ਬਾਬਾ ਹੁੰਦਾ ਤਾ ਥੋੜੇ ਚਿਰ ਦਾ ਕਮਲਪੁਣਾ ਈ ਐ ਆਹ ਹੁਣ ਗੇਲੇ ਕੀ ਕੁੜੀ ਦੇਖਲਾ, ਆਵਦੀ ਮਰਜੀ ਨਾਲ ਵਿਆਹ ਕਰਵਾਇਆ ਸੀ। ਪਤਾ ਨੀ ਕੀ ਰੌਲਾ ਪਿਆ, ਫਿਰ ਘਰੇ ਬੈਠੀ ਐ”
ਬਾਬੇ ਨੇ ਖੰਘੂਰਾ ਮਾਰ ਕੇ ਬੋਲਣਾ,”ਅਸਲ ਚ ਸ਼ੇਰਾ ਪੜੇ ਲਿਖੇ ਕਹੀ ਜਾਂਦੇ ਹੁੰਦੇ ਐ ਕਿ ਬੰਦਾ ਤੀਵੀਂ ਗ੍ਰਹਿਸਥੀ ਦੇ ਪਹੀਏ ਹੁੰਦੇ ਐ ਪਰ ਮੈ ਕਹਿਨਾ ਗਲਤ ਐ। ਪਹੀਆ ਉਦੋ ਈ ਟੁੱਟੂ ਜਦ ਵਜਨ ਵੱਧ ਹੋਊ ਜਾਂ ਕਿਤੇ ਠੱਬਲ ਠੋਲੇ ਚ ਗਿਰੂ, ਮੈ ਕਹਿੰਨਾ ਬੀ ਦੋਨੇ ਜਣੇ ਬਲਦਾਂ ਅਰਗੇ ਹੁੰਦੇ ਐ ਜੇ ਬਰਾਬਰ ਨਾ ਚੱਲੇ ਫਿਰ ਨਾ ਤਾ ਵਾਹੀ ਚੱਜ ਨਾਲ ਹੋਵੇ ਨਾਲੇ ਕਿਤੇ ਨਾ ਕਿਤੇ ਫਾਲ਼ਾ ਮਰਾ ਲੈਂਦੇ ਐ।

ਬੰਦਾ ਤੰਗਲੀ ਨਾਲ ਉਡਾਉਣ ਲੱਗਜੇ ਤੇ ਤੀਵੀਂ ਸੂਈ ਦੇ ਨੱਕੇ ਥਾਈ ਲੰਘਾਉਣ ਲੱਗਜੇ, ਘਰ ਇੱਕੋ ਜਿਹਾ ਪੱਟਣਗੇ। ਜਦ ਕੁੜੀ ਨਵੇਂ ਘਰ ਆਉਦੀ ਐ ਉਹਦੇ ਰਿਸ਼ਤੇ ਵੀ ਨਵੇਂ ਬਣ ਜਾਂਦੇ ਐ। ਜੇ ਤਾ ਸਮਝਗੀ ਫਿਰ ਤਾ ਘਰ ਵਸਾਲੂਗੀ ਜੇ ਹੱਥ ਪੇਕਿਆ ਵੱਲ ਨੂੰ ਝਾੜਨ ਲੱਗਗੀ ਫਿਰ ਕੋਰੇ ਕਾਗਜ ਤੇ ਲਿਖਾਲੈ ਦੋਏ ਘਰ ਨੰਗ ਹੋਏ ਅੱਖੀ ਦੇਖੇਗਾ। ਪੁਰਾਣੇ ਲੋਕ ਕਮਲੇ ਨੀ ਸੀਗੇ। ਆਹ ਪੌਂਚੀਆਂ ਹੋਗੀਆਂ, ਤੀਆਂ ਹੋਗੀਆਂ, ਸੰਧਾਰੇ ਹੋਗੇ ਇਹ ਚੀਜਾ ਇਹੀ ਕਹਿੰਦੀਆ ਹੁੰਦੀਆ ਨੇ ਕਿ ਧੀਆ ਦੇ ਹੱਥ ਤੇ ਰੱਖੀਦਾ ਹੁੰਦਾ ਏ, ਧੀਆਂ ਦੇ ਹੱਥਾ ਵੱਲ ਦੇਖੀਦਾ ਨੀ ਹੁੰਦਾ। ਬਾਕੀ ਜਿਹਨੇ ਤੀਵੀਂ ਤੇ ਹੱਥ ਚੱਕਣ ਤੇ ਉਹਦੇ ਪੇਕੇ ਪੁਣਨ ਦੀ ਆਦਤ ਪਾ ਲਈ ਉਹ ਵਿਹਲੀਆਂ ਖਾਣ ਗਿੱਝਿਆ ਹੋਊ।ਐਹੋ ਜੇ ਬੰਦਿਆਂ ਨੂੰ ਮੈ ਜਨਾਨੜੇ ਈ ਮੰਨਦਾਂ।ਤੀਵੀਂ ਲੱਖ ਕਮਾਉਦੀ ਹੋਵੇ ਤੇ ਬੰਦਾ ਸੌ, ਜਦ ਉਸੇ ਸੌ ਚੋ ਵੀਹ ਤੀਵੀਂ ਦੇ ਖਰਚਣ ਨੂੰ ਹੱਥ ਤੇ ਰੱਖਦਾ ਤਾ ਤੀਵੀਂ ਨੂੰ ਉਹੀ ਵੀਹ ਆਪਣੇ ਲੱਖ ਤੋ ਕਿਤੇ ਵੱਧ ਲਗਦੇ ਹੁੰਦੇ ਨੇ”

ਮਗਰੇ ਕਿਸੇ ਨੇ ਛੇੜਨ ਮਾਰੇ ਕਹਿਣਾ,”ਬਾਬਾ ਆਹ ਨੱਤੀਆ ਆਲੀ ਗੱਲ ਵਿੱਚੇ ਦੱਬ ਗਿਆ” ਬਾਬੇ ਨੇ ਧੜੀ ਦੀ ਗਾਲ ਕੱਢਣੀ ਨਾਲੇ ਕਹਿਣਾ,”ਨਾ ਜੇ ਦੱਸਤੀ ਫਿਰ ਬੁੜ੍ਹੀ ਨੂੰ ਮੋੜ ਲਿਆਏਂਗਾ?” ਨਿਆਣੀ ਉਮਰ ਚ ਖੇਤੀ ਕਰਦੇ ਨੂੰ ਸ਼ਰੀਕੇ ਚੋ ਕਿਸੇ ਨੇ ਫੀਮ ਤੇ ਲਾਤਾ ਸੀ ਪਰ ਨਰੋਈ ਖੁਰਾਕ ਰੱਜਵੀਂ ਮਿਹਨਤ ਨੇ ਸਰੀਰ ਅਤੇ ਤਿੱਖੇ ਨੈਣ ਨਕਸ਼ਾ ਤੇ ਅਮਲ ਦਾ ਅਸਰ ਨਹੀ ਸੀ ਹੋਣ ਦਿੱਤਾ,ਤੇ ਹੁਣ ਬਾਬਾ ਭੁੱਕੀ ਦਾ ਕਾਟ ਲਾ ਲੈਂਦਾ ਸੀ। ਕੇਰਾਂ ਡਾਕਟਰਾ ਨੇ ਫਰੀ ਚੈਕਅਪ ਦਾ ਕੈਂਪ ਲਾਇਆ, ਜਦ ਬਾਬੇ ਦੀ ਵਾਰੀ ਆਈ ਤਾ ਚੈੱਕਅੱਪ ਕਰਦਾ ਡਾਕਟਰ ਬੋਲਿਆ “ਬਾਬਾ ਜੀ ਕਦੇ ਕਦੇ ਦਿਲ ਜਿਹਾ ਤਾ ਨੀ ਘਟਦਾ”

ਬਾਬਾ ਕਹਿੰਦਾ,”ਸ਼ੇਰਾ ਜੇ ਮਾਲ ਆਲਾ ਡੱਬਾ ਨੇੜੇ ਲੱਗਿਆ ਹੋਵੇ ਫਿਰ ਘਟਦਾ ਏ ਨਹੀ ਤਾ ਯਮਰਾਜ ਨੂੰ ਵੀ ਕਈ ਵਾਰ ਕਹਿ ਦਈਦਾ ਬੀ ਜੇ ਹੈਗਾ ਹਿੱਕ ਚ ਦਮ ਲਿਜਾ ਕੇ ਦਿਖਾ”

ਹੁਣ ਲਗਦੈ ਕੱਲੀਆਂ ਖੁਰਾਕਾਂ ਨਹੀ, ਸਿਆਣਪਾਂ, ਦਿਲਦਾਰੀਆਂ ਤੇ ਹਾਸੇ ਵੀ ਉਮਰਾਂ ਲੰਮੀਆਂ ਕਰਦੇ ਸੀ ਬਾਬਿਆਂ ਦੀਆਂ।

ਸੁਰਿੰਦਰ ਸਿੰਘ ਦਾੳੂਮਾਜਰਾ

LEAVE A REPLY